ਪਲੇਠੇ ਦਰਬਾਰੇ-ਏ-ਖਾਲਸਾ ਨੂੰ ਯਾਦ ਕਰਦਿਆਂ...
ਜਸਪਾਲ ਸਿੰਘ ਹੇਰਾਂ
ਅੱਜ ਦਾ ਦਿਨ ਸਿੱਖ ਇਤਿਹਾਸ 'ਚ ਹੀ ਨਹੀਂ ਸਗੋਂ ਦੁਨੀਆ 'ਚ ਆਮ ਆਦਮੀ ਨੂੰ ਬਰਾਬਰੀ ਦਾ ਰੁਤਬਾ ਦੇਣ ਲਈ ਇਨਕਲਾਬੀ ਇਤਿਹਾਸਕ ਦਿਹਾੜਾ ਵੀ ਹੈ, ਪ੍ਰੰਤੂ ਅਫ਼ਸੋਸ ਦੀ ਗੱਲ ਇਹ ਹੈ ਕਿ ਸਿੱਖ ਕੌਮ ਨਾਂਹ ਤਾਂ ਖ਼ੁਦ ਹੀ ਅਤੇ ਨਾ ਹੀ ਦੁਨੀਆ ਨੂੰ ਇਸ ਦਿਹਾੜੇ ਦੀ ਮਹਾਨਤਾ ਤੋਂ ਜਾਣੂ ਕਰਵਾ ਸਕੀ ਹੈ। ਜਿਸ ਕਾਰਣ ਖਾਲਸਾ ਰਾਜ ਦੇ ਜਿਸ ਮਾਡਲ ਨੂੰ ਦੁਨੀਆ ਨੇ ਅਪਣਾਉਣਾ ਸੀ ਉਹ ਹਨੇਰਿਆਂ 'ਚ ਗੁਆਚਿਆ ਹੋਇਆ ਹੈ। ਅੱਜ ਤੋਂ 30੬ ਵਰ੍ਹੇ ਪਹਿਲਾ ਲੋਹਗੜ੍ਹ ਦੀ ਧਰਤੀ 'ਤੇ ਦੁਨੀਆ ਦੇ ਇਤਿਹਾਸ 'ਚ ਦਰਬਾਰੇ-ਏ-ਖਾਲਸਾ ਦੀ ਪਹਿਲੀ ਪਾਰਲੀਮੈਂਟ ਦਾ ਗਠਨ ਹੋਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਅੱਜ ਦੇ ਦਿਨ ਸਿੱਖ ਰਾਜ ਦੀ ਲੋਕਤੰਤਰੀ ਢੰਗ ਤਰੀਕੇ ਨਾਲ ਨੀਂਹ ਰੱਖੀ ਸੀ। ਖਾਲਸਾਈ ਝੰਡੇ ਥੱਲੇ ਸਿੱਖੀ ਸਿਧਾਂਤਾਂ ਦੀ ਰੌਸ਼ਨੀ 'ਚ ਸਰਬੱਤ ਦੇ ਭਲੇ ਲਈ ਅਤੇ ਜ਼ੋਰ-ਜਬਰ ਦੇ ਖ਼ਾਤਮੇ ਲਈ 306 ਸਾਲ ਪਹਿਲਾ ਜਿਸ ਦਰਬਾਰੇ-ਏ-ਖਾਲਸਾ ਦੀ ਪਹਿਲੀ ਪਾਰਲੀਮੈਂਟ ਨੇ ਗੁਰੂ ਨਾਨਕ ਸਾਹਿਬ ਅਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਨਾਮ ਦੇ ਸਿੱਕੇ ਹੀ ਨਹੀਂ, ਮਨੁੱਖਤਾ 'ਚ ਬਰਾਬਰੀ ਦਾ ਰਾਜ ਚਲਾਇਆ ਸੀ, ਉਸ ਦੀ ਉਦਾਹਰਣ ਅੱਜ ਦੀ ਦੁਨੀਆ 'ਚ ਕਿਤੇ ਨਹੀਂ ਮਿਲਦੀ। ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਪਹਿਲੀ ਖਾਲਸਾ ਪਾਰਲੀਮੈਂਟ ਦਾ ਗਠਨ ਦੁਨੀਆ 'ਚ ਪਹਿਲਾ ਲੋਕਤੰਤਰੀ ਨਿਜ਼ਾਮ ਸੀ ਜਿਸ 'ਚ ਆਮ ਲੋਕਾਂ ਨੂੰ ਸੱਤਾ ਸੌਂਪੀ ਗਈ ਸੀ। ਜਿਸ ਰਾਜ ਨੇ ਹਰ ਗਰੀਬ, ਦਲਿਤ ਅਤੇ ਮੁਜ਼ਾਰੇ ਕਿਸਾਨ ਨੂੰ ਜਗੀਰਦਾਰਾਂ ਅਤੇ ਸਰਮਾਏਦਾਰਾਂ ਦੀ ਗੁਲਾਮੀ ਦਾ ਥਾਂ ਸਰਦਾਰੀ ਦਿੱਤੀ ਸੀ ਅਤੇ ਜਗੀਰਦਾਰਾਂ ਨੂੰ ਉਨ੍ਹਾਂ ਅੱਗੇ ਝੁਕ-ਝੁਕ ਸਲਾਮ ਕਰਨ ਲਈ ਮਜ਼ਬੂਰ ਕੀਤਾ ਗਿਆ ਅਤੇ ਉਸ ਰਾਜ 'ਚ ਧਰਮ ਨਿਰਲੇਪਤਾ ਨੂੰ ਉਚਤਾ ਦਿੱਤੀ ਗਈ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਇਆ ਗਿਆ ਅਤੇ ਮਨੁੱਖੀ ਭੇਦ-ਭਾਵ ਨੂੰ ਜੜ੍ਹੋਂ ਪੁੱਟਿਆ ਗਿਆ ਅਤੇ ਮਨੁੱਖੀ ਬਰਾਬਰੀ ਅਤੇ ਸਮਾਨਤਾ, ਆਰਥਿਕਤਾ, ਸੱਭਿਆਚਾਰਕ, ਸਮਾਜਿਕ ਅਤੇ ਧਾਰਮਿਕ ਅਧਿਕਾਰ ਸੰਪੂਰਨ ਬਣਾ ਕੇ ਪਹਿਲੀ ਵਾਰ ਸਿੱਖਾਂ ਦਾ ਰਾਜ ਸਥਾਪਿਤ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਦਸ਼ਮੇਸ਼ ਪਿਤਾ ਨੇ ਆਪਣਾ ਥਾਪੜਾ ਦੇ ਕੇ ਜਿਸ ਮਿਸ਼ਨ ਦੀ ਪੂਰਤੀ ਲਈ ਭੇਜਿਆ ਸੀ, ਉਸ ਨੂੰ ਉਨ੍ਹਾਂ ਮੂਰਤੀਮਾਨ ਕੀਤਾ। ਸਰਹਿੰਦ ਫ਼ਤਿਹ ਇਸ ਮਿਸ਼ਨ ਦਾ ਸਿਖ਼ਰ ਨਹੀਂ ਸਗੋਂ ਮੁੱਢਲਾ ਪੜਾਅ ਸੀ। ਇਸ ਲਈ ਖਾਲਸਾ ਰਾਜ ਦੀ ਸਥਾਪਨਾ ਅਤੇ ਉਸਦੀ ਬਣਤਰ ਨੇ ਦੁਨੀਆ ਨੂੰ ਪਹਿਲੀ ਵਾਰ ਮਨੁੱਖੀ ਬਰਾਬਰਤਾ ਦੀ ਗੱਲ ਹੀ ਨਹੀਂ ਕੀਤੀ ਸਗੋਂ ਉਸ ਨੂੰ ਲਾਗੂ ਕਰਕੇ ਵਿਖਾਇਆ। ਉਹ ਦਰਬਾਰੇ-ਏ-ਖਾਲਸਾ ਦੁਨੀਆ ਚ ਸਿਰਫ਼ ਆਰਥਿਕ ਬਰਾਬਰੀ ਦਾ ਹੀ ਨਹੀਂ, ਸਗੋਂ ਮਨੁੱਖੀ ਹੱਕਾਂ ਦੀ ਬਰਾਬਰੀ ਦਾ ਸਹੀ ਅਰਥਾਂ 'ਚ ਪਹਿਲਾ ਝੰਡਾ ਬਰਦਾਰ ਬਣਿਆ। ਅੱਜ ਜਦੋਂ ਦੁਨੀਆ ਦੇ ਸਾਮਰਾਜਵਾਦੀ ਮੁਲਕ ਮਨੁੱਖੀ ਅਧਿਕਾਰਾਂ ਦੀ ਰਾਖ਼ੀ ਨੂੰ ਅਤੇ ਆਰਥਿਕ ਬਰਾਬਰੀ ਨੂੰ ਪਹਿਲ ਦਿੰਦੇ ਹਨ, ਉਸ  ਸਮੇਂ ਅਸੀਂ ਦਰਬਾਰੇ-ਏ-ਖਾਲਸਾ ਦੇ ਉਨ੍ਹਾਂ ਮਹਾਨ ਸਿਧਾਂਤਾਂ ਦੀਆਂ ਉਹ ਗੱਲਾਂ ਛੁਪਾਈ ਬੈਠੇ ਹਾਂ ਜਿਹੜੀਆਂ ਅੱਜ ਤੋਂ 306 ਵਰ੍ਹੇ ਪਹਿਲਾ ਇਨ੍ਹਾਂ ਦੋਵਾਂ ਸਿਧਾਂਤਾਂ ਨੂੰ ਇਕੋ ਸਮੇਂ ਪੂਰਾ ਕਰਨ ਦੇ ਸਮਰੱਥ ਸਨ। ਸਿੱਖ ਇਸ ਸਮੇਂ ਦੁਨੀਆ ਦੇ ਹਰ ਕੋਨੇ 'ਚ ਵਸਦੇ ਹਨ, ਇਸ ਲਈ ਜੇ ਅਸੀਂ ਆਪਣੇ ਸ਼ਾਨਾਮੱਤੇ ਵਿਰਸੇ ਦੀ ਦੁਨੀਆ ਨੂੰ ਜਾਣਕਾਰੀ ਦੇ ਕੇ ਸਿੱਖ ਧਰਮ ਦੀ ਮਹਾਨਤਾ ਦਾ ਅਹਿਸਾਸ ਕਰਵਾਉਣ ਦੇ ਸਮਰੱਥ ਨਹੀਂ ਹਾਂ ਤਾਂ ਇਸ ਕਮਜ਼ੋਰੀ ਪ੍ਰਤੀ ਸਾਨੂੰ ਆਪਣੇ ਮਨਾਂ 'ਚ ਮਾਰਨੀ ਹੋਵੇਗੀ ਅਤੇ ਉਸ ਲੀਡਰਸ਼ਿਪ ਦਾ ਸਹਾਰਾ ਤੱਕਣਾ ਛੱਡਣਾ ਹੋਵੇਗਾ ਜਿਹੜੀ ਲੀਡਰਸ਼ਿਪ ਸਿੱਖ ਦੋਖੀ ਤਾਕਤਾਂ ਦੇ ਹੱਥਾਂ ਦਾ ਖਿਡੌਣਾ ਬਣ ਚੁੱਕੀ ਹੈ। 27 ਮਈ ਸਿੱਖ ਇਤਿਹਾਸ ਦਾ ਸੁਨਿਹਰੀ ਪੰਨਾ ਹੈ। ਇਸ ਲਈ ਇਸ ਦੀ ਰੋਸ਼ਨੀ ਵੰਡਣ ਦੀ ਵੱਡੀ ਲੋੜ ਹੈ। ਪ੍ਰੰਤੂ ਸਾਡੇ ਧਾਰਮਿਕ ਤੇ ਰਾਜਸੀ ਆਗੂਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਥਾਪਿਤ ਸਿੱਖਾਂ ਦੀ ਪਹਿਲੀ ਪਾਰਲੀਮੈਂਟ ਨੂੰ ਅਤੇ ਪਹਿਲੀ ਰਾਜਧਾਨੀ ਨੂੰ ਵੀ ਵਿਸਾਰਿਆ ਹੋਇਆ ਹੈ। ਸਿਰਫ਼ ਫੋਕੀ ਬਿਆਨਬਾਜ਼ੀ ਨਾਲ ਸਿਰਫ਼ ਸ਼ੋਹਰਤ ਖੱਟਣ ਦੇ ਉਪਰਾਲੇ ਕੀਤੇ ਜਾਂਦੇ ਹਨ, ਪ੍ਰੰਤੂ ਸ਼੍ਰੋਮਣੀ ਕਮੇਟੀ ਜਾਂ ਕਿਸੇ ਹੋਰ ਸਿੱਖ ਸੰਸਥਾ ਜਾਂ ਜਥੇਬੰਦੀ ਨੇ ਸਿੱਖਾਂ ਦੇ ਦਰਬਾਰ-ਏ-ਖਾਲਸਾ ਦੀ ਸਮੁੱਚੀ ਤਸਵੀਰ, ਦੁਨੀਆ ਨੂੰ ਵਿਖਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ। ਜਦੋਂ ਸਾਡੀਆਂ ਯਾਦਾਂ 'ਚ 27 ਮਈ ਕੋਈ ਨਵਾਂ ਉਤਸ਼ਾਹ, ਵਲਵਲਾ, ਜੋਸ਼ ਹੀ ਪੈਦਾ ਨਹੀਂ ਕਰਦੀ ਫਿਰ ਅਸੀਂ ਇਸ ਦਿਨ ਦੀ ਮਹਾਨਤਾ ਨੂੰ ਦੁਨੀਆ ਅੱਗੇ ਕਿਵੇਂ ਬਿਆਨ ਕਰ ਸਕਦੇ ਹਾਂ। ਕੌਮ ਦੇ ਦਾਨਿਸ਼ਵਰਾਂ, ਪੰਥ ਦਰਦੀਆਂ ਨੂੰ ਅਜਿਹੇ ਦਿਹਾੜੇ ਕੌਮੀ ਜਾਗਰੂਕਤਾ ਜਾਂ ਕੌਮੀ ਸਵੈਮਾਣ ਦੇ ਦਿਹਾੜਿਆਂ ਵਜੋਂ ਮਨਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਅਸੀਂ ਜਿੱਥੇ ਆਪਣੇ ਸ਼ਾਨਾਮੱਤੇ ਵਿਰਸੇ ਤੇ ਇਤਿਹਾਸ ਤੋਂ ਦੁਨੀਆ ਨੂੰ ਜਾਣੂ ਕਰਵਾ ਸਕੀਏ, ਉਥੇ ਨਵੀਂ ਪੀੜ੍ਹੀ 'ਚ ਸਿੱਖ ਹੋਣ ਦਾ ਮਾਣ ਕਰਨ ਵਾਲਾ ਜਜ਼ਬਾ ਵੀ ਪੈਦਾ ਕਰ ਸਕੀਏ।

Comments

Popular posts from this blog

Amit Shah's income was increased with the speed of the bult train

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ