ਅਡਵਾਨੀ-ਜੋਸ਼ੀ-ਉਮਾ ਖ਼ਿਲਾਫ਼ ਅਪਰਾਧਕ ਸਾਜ਼ਿਸ਼ ਦਾ ਦੋਸ਼ ਤੈਅ
ਲਖਨਊ (ਏਜੰਸੀ) :
ਅਯੁੱਧਿਆ 'ਚ ਵਿਵਾਦਤ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ 'ਚ ਲਾਲ ਿਯਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਉਮਾ ਭਾਰਤੀ ਸਮੇਤ ਬਾਕੀ ਦੋਸ਼ੀਆਂ ਖ਼ਿਲਾਫ਼ ਦੋਸ਼ ਤੈਅ ਹੋ ਗਏ ਹਨ। ਮੰਗਲਵਾਰ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਨੇ ਦੋਸ਼ੀਆਂ ਖ਼ਿਲਾਫ਼ ਸੈਕਸ਼ਨ 120 ਬੀ (ਅਪਰਾਧਕ ਸਾਜ਼ਿਸ਼) ਦੇ ਤਹਿਤ ਦੋਸ਼ ਤੈਅ ਕੀਤੇ। ਦੋਸ਼ੀਆਂ ਨੇ ਡਿਸਚਾਰਜ ਐਪਲੀਕੇਸ਼ਨ ਦੇ ਕੇ ਆਪਣੇ ਖ਼ਿਲਾਫ਼ ਦੋਸ਼ ਖਾਰਜ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਮਸਜਿਦ ਢਾਹੇ ਜਾਣ 'ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਕੋਰਟ ਨੇ ਇਹ ਮੰਗ ਖਾਰਜ ਕਰ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਮਾਮਲੇ 'ਚ ਅਦਾਲਤ ਤੋਂ ਜ਼ਮਾਨਤ ਮਿਲ ਗਈ। ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਦੇ ਦਿੱਤੀ ਗਈ। ਭਾਜਪਾ ਦੇ ਇਨ੍ਹਾਂ ਤਿੰਨ ਵੱਡੇ ਨੇਤਾਵਾਂ ਦੇ ਇਲਾਵਾ ਵਿਨੈ ਕਟਿਆਰ, ਵੀਐੱਚਪੀ ਦੇ ਨੇਤਾ ਵਿਸ਼ਣੂ ਹਰੀ ਡਾਲਮੀਆ ਅਤੇ ਹਿੰਦੁਤਵਵਾਦੀ ਨੇਤਾ ਸਾਧਵੀ ਰਿਤੰਬੜਾ ਨੂੰ ਜ਼ਮਾਨਤ ਮਿਲੀ।
ਇਸ ਤੋਂ ਪਹਿਲਾਂ ਯੂਪੀ ਦੇ ਸੀਐੱਮ ਯੋਗੀ ਆਦਿੱਤਿਆਨਾਥ ਨੇ ਲਖਨਊ ਦੇ ਵੀਆਈਪੀ ਗੈਸਟ ਹਾਊਸ ਜਾ ਕੇ ਅਡਵਾਨੀ ਅਤੇ ਹੋਰ ਭਾਜਪਾ ਨੇਤਾਵਾਂ ਨਾਲ ਮੁਲਾਕਾਤ ਕੀਤੀ। ਯੋਗੀ ਨੇ ਇਹ ਮੁਲਾਕਾਤ ਅਜਿਹੇ ਸਮੇਂ 'ਚ ਕੀਤੀ ਹੈ ਜਦੋਂ ਉਹ ਇਕ ਦਿਨ ਬਾਅਦ ਹੀ ਅਯੁੱਧਿਆ ਜਾ ਕੇ ਰਾਮ ਲੱਲਾ ਦੇ ਦਰਸ਼ਨ ਕਰਨਗੇ। ਦਹਾਕਿਆਂ ਬਾਅਦ ਇਸ ਤਰ੍ਹਾਂ ਕਰਨ ਵਾਲੇ ਉਹ ਪਹਿਲੇ ਸੀਐੱਮ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਯੋਗੀ ਆਉਣ ਵਾਲੇ ਸਮੇਂ 'ਚ ਅਯੁੱਧਿਆ ਤੋਂ ਚੋਣ ਵੀ ਲੜ ਸਕਦੇ ਹਨ। ਉਥੇ ਕੇਸ਼ਵ ਪ੍ਰਸਾਦ ਮੌਰਿਆ ਵੀ ਭਾਜਪਾ ਨੇਤਾਵਾਂ ਨੂੰ ਮਿਲਣ ਲਈ ਗੈਸਟ ਹਾਊਸ ਪਹੁੰਚੇ। ਕੋਰਟ ਦੀ ਕਾਰਵਾਈ 11 ਵਜੇ ਸ਼ੁਰੂ ਹੋਣ ਵਾਲੀ ਸੀ ਪਰ ਇਸ ਵਿਚ ਦੇਰੀ ਹੋ ਗਈ। ਕੋਰਟ ਕੰਪਲੈਕਸ 'ਚ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਸਨ। ਸਬੰਧਤ ਧਿਰਾਂ ਨੂੰ ਛੱਡ ਕੇ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਮੀਡੀਆ ਵਾਲਿਆਂ ਨੂੰ ਵੀ ਕੋਰਟ ਕੰਪਲੈਕਸ ਤੋਂ ਬਾਹਰ ਤੋਂ ਹੀ ਰਿਪੋਰਟਿੰਗ ਦੀ ਇਜਾਜ਼ਤ ਸੀ।
ਇਸ ਦੌਰਾਨ ਕੇਂਦਰੀ ਮੰਤਰੀ ਉਮਾ ਭਾਰਤੀ ਨੇ ਕੋਰਟ ਦੇ ਫ਼ੈਸਲੇ ਤੋਂ ਪਹਿਲਾਂ ਇਕ ਵਾਰੀ ਦੁਹਰਾਇਆ ਕਿ ਇਹ ਸਾਜ਼ਿਸ਼ ਨਹੀਂ, ਅੰਦੋਲਨ ਸੀ। ਉੱਥੇ ਰਾਮ ਵਿਲਾਸ ਵੇਦਾਂਤੀ ਨੇ ਮੰਨਿਆ ਕਿ ਉਨ੍ਹਾਂ ਨੇ ਹੀ ਵਿਵਾਦਤ ਮਸਜਿਦ ਢਾਹੀ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਗਿਲਾ ਨਹੀਂ ਹੈ। ਵੇਦਾਂਤੀ ਨੇ ਦਾਅਵਾ ਕੀਤਾ ਕਿ ਪੂਰਾ ਦੇਸ਼ ਰਾਮ ਮੰਦਰ ਨਿਰਮਾਣ ਚਾਹੁੰਦਾ ਹੈ। ਦੱਸਣਯੋਗ ਹੈ ਕਿ ਅਦਾਲਤ ਅਯੁੱਧਿਆ 'ਚ ਵਿਵਾਦਤ ਮਸਜਿਦ ਢਾਹੇ ਜਾਣ ਨਾਲ ਜੁੜੇ ਦੋ ਅਲੱਗ-ਅਲੱਗ ਮਾਮਲਿਆਂ ਦੀ ਸੁਣਵਾਈ ਕਰ ਰਹੀ ਹੈ। ਸੁਪਰੀਮ ਕੋਰਟ ਨੇ 19 ਅਪ੍ਰੈਲ ਨੂੰ ਹੁਕਮ ਦਿੱਤਾ ਸੀ ਕਿ ਅਡਵਾਨੀ (89) ਜੋਸ਼ੀ ਦੋ ਵੱਖ-ਵੱਖ ਮਾਮਲਿਆਂ ਦੀ ਸੁਣਵਾਈ ਦਾ ਰੋਜ਼ਾਨਾ ਕਰਨ ਅਤੇ ਦੋ ਸਾਲ 'ਚ ਸੁਣਵਾਈ ਖ਼ਤਮ ਕਰਨ ਦਾ ਹੁਕਮ ਦਿੱਤਾ ਹੈ।
ਕਾਂਗਰਸ ਅਤੇ ਦੂਜੀ ਵਿਰੋਧੀ ਪਾਰਟੀਆਂ ਇਸ ਮਾਮਲੇ ਨੂੰ ਲੈ ਕੇ ਭਾਜਪਾ 'ਤੇ ਦਬਾਅ ਬਣਾਉਣ ਦੀ ਤਿਆਰੀ ਵਿਚ ਹਨ। ਮੁਮਕਿਨ ਹੈ ਕਿ ਉਮਾ, ਕਲਿਆਣ ਸਿੰਘ ਵਰਗੇ ਨੇਤਾਵਾਂ ਨੂੰ ਅਹੁਦਾ ਛੱਡਣ ਦੀ ਮੰਗ ਕੀਤੀ ਜਾਏ। ਹਾਲਾਂਕਿ ਭਾਜਪਾ ਨੇ ਵੀ ਰਣਨੀਤੀ ਤਿਆਰ ਕਰ ਲਈ ਹੈ। ਪਾਰਟੀ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਨਾਲ ਹੀ ਕਿਹਾ ਹੈ ਕਿ ਸਾਰੇ ਦੋਸ਼ ਸਿਆਸੀ ਹਨÎ। ਉੱਥੇ ਉਮਾ ਭਾਰਤੀ ਪੂਰੇ ਮਾਮਲੇ ਨੂੰ ਅੰਦੋਲਨ ਕਰਾਰ ਦਿੰਦੇ ਹੋਏ ਕਹਿ ਚੁੱਕੇ ਹਨ ਕਿ ਜੇਕਰ ਰਾਮ ਮੰਦਰ ਨਿਰਮਾਣ ਲਈ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਵੇ ਤਾਂ ਉਹ ਤਿਆਰ ਹਨ।
ਇਸ ਤੋਂ ਪਹਿਲਾਂ ਸੀਬੀਆਈ ਦੇ ਸਪੈਸ਼ਲ ਜੱਜ ਐੱਸ ਕੇ ਯਾਦਵ ਨੇ ਪਿਛਲੀ ਸੁਣਵਾਈ 'ਤੇ ਸੀਨੀਅਰ ਭਾਜਪਾ ਨੇਤਾਵਾਂ ਦੇ ਇਲਾਵਾ ਵਿਨੈ ਕਟਿਆਰ, ਵੀਐੱਚਪੀ ਨੇਤਾ ਵਿਸ਼ਣੂ ਹਰੀ ਡਾਲਮੀਆ ਅਤੇ ਸਾਧਵੀ ਰਿਤੰਬੜਾ ਨੂੰ ਵੀ ਅਦਾਲਤ ਵਿਚ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਕਿਹਾ ਸੀ।
Comments
Post a Comment