ਮੰਤਰੀ ਮੰਡਲ ਵਿਸਥਾਰ 'ਤੇ ਵੀ ਹੋਵੇਗਾ ਵਿਚਾਰ

ਖੱਡਾਂ ਦੇ ਮਾਮਲੇ 'ਚ ਰਾਣਾ ਦੀ ਸ਼ਮੂਲੀਅਤ ਦਾ ਵਿਵਾਦ
ਮੰਤਰੀ ਮੰਡਲ ਵਿਸਥਾਰ 'ਤੇ ਵੀ ਹੋਵੇਗਾ ਵਿਚਾਰ
ਦੇਰ ਸ਼ਾਮ ਕੈਪਟਨ ਪਹੁੰਚੇ ਦਿੱਲੀ, ਜਾਖੜ ਪਹਿਲਾਂ ਪਹੁੰਚੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਹਾਲਾਤ ਅਤੇ ਪਾਰਟੀ ਦੀ ਕਾਰਗੁਜ਼ਾਰੀ ਦੀ ਜਾਣਕਾਰੀ ਰਾਹੁਲ ਗਾਂਧੀ ਨੂੰ ਦੇਣ ਲਈ ਦੇਰ ਸ਼ਾਮ ਦਿੱਲੀ ਪਹੁੰਚੇ। ਕੈਪਟਨ ਦੇ ਚੰਡੀਗੜ੍ਹ ਤੋਂ ਨਿਕਲਣ ਤੋਂ ਪਹਿਲਾਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਦਿੱਲੀ ਲਈ ਰਵਾਨਾ ਹੋ ਗਏ ਸਨ। ਪਾਰਟੀ ਦੇ ਉੱਚ ਪੱਧਰੀ ਸੂਤਰਾਂ ਦਾ ਮੰਨਣਾ ਹੈ ਕਿ ਕੈਪਟਨ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਵਿਵਾਦ ਨੂੰ ਲੈ ਕੇ ਰਾਹੁਲ ਨਾਲ ਵਿਚਾਰ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਕੈਪਟਨ ਅਤੇ ਰਾਹੁਲ ਦੀ ਮੁਲਾਕਾਤ ਹੁਣ ਸੂਬੇ 'ਚ ਰਾਣਾ ਦੀ ਸਿਆਸਤ ਦਾ ਭਵਿੱਖ ਤੈਅ ਕਰੇਗੀ।
ਕੈਪਟਨ ਪੰਜਾਬ ਤੋਂ ਦੋ ਮੁੱਖ ਏਜੰਡੇ ਲੈ ਕੇ ਰਾਹੁਲ ਨੂੰ ਮਿਲਣ ਗਏ ਹਨ। ਪਹਿਲਾ ਮੰਤਰੀ ਮੰਡਲ ਵਿਸਥਾਰ ਦਾ ਮਾਮਲਾ ਹੈ। ਸਰਕਾਰ ਦੀ ਕੋਸ਼ਿਸ਼ ਸੀ ਕਿ ਵਿਧਾਨ ਸਭਾ ਦੇ ਬਜਟ ਇਜਲਾਸ ਤੋਂ ਪਹਿਲਾਂ ਹੀ ਮੰਤਰੀ ਮੰਡਲ ਦਾ ਵਿਸਥਾਰ ਕਰਕੇ ਘੱਟੋ ਘੱਟ ਦੋ ਨਵੇਂ ਮੰਤਰੀਆਂ ਨੂੰ ਮੰਤਰੀ ਮੰਡਲ ਵਿਚ ਥਾਂ ਦਿੱਤੀ ਜਾਏ। ਸਰਕਾਰ ਮੌਜੂਦਾ ਸਮੇਂ 'ਚ ਪੂਰੇ ਜੋਸ਼ ਨਾਲ ਕੰਮ ਕਰਨ ਲੱਗੀ ਹੈ ਪਰ ਖਾਲੀ ਖਜ਼ਾਨੇ ਦੇ ਕਾਰਨ ਵੱਖ-ਵੱਖ ਪ੍ਰਾਜੈਕਟਾਂ ਅਤੇ ਸੂਬੇ ਦੀ ਆਰਥਿਕ ਹਾਲਤ ਨੂੰ ਸੁਧਾਰਣ 'ਚ ਉਲਝੀ ਸਰਕਾਰ ਲਈ ਰਾਣਾ ਗੁਰਜੀਤ ਸਿੰਘ ਦਾ ਵਿਵਾਦ ਨਵੀਂ ਮੁਸੀਬਤ ਬਣ ਗਿਆ ਹੈ। ਵਿਰੋਧੀ ਧਿਰ ਤੋਂ ਲੈ ਕੇ ਪਾਰਟੀ ਦੇ ਅੰਦਰ ਤਕ ਇਸ ਮਾਮਲੇ ਨੂੰ ਲੈ ਕੇ ਕੈਪਟਨ 'ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ। ਵਿਧਾਨ ਸਭਾ ਦੇ ਬਜਟ ਇਜਲਾਸ ਤੋਂ ਪਹਿਲਾਂ ਸਰਕਾਰ ਦੇ ਮੰਤਰੀ ਮੰਡਲ ਵਿਸਥਾਰ ਦੀ ਕਵਾਇਦ ਨੂੰ ਫਿਲਹਾਲ ਕੈਪਟਨ ਨੇ ਰਾਣਾ ਦੇ ਵਿਵਾਦ ਦੇ ਕਾਰਨ ਹੌਲੀ ਕਰ ਦਿੱਤਾ ਹੈ।
ਕੈਪਟਨ ਅਤੇ ਰਾਹੁਲ ਦੀ ਮੁਲਾਕਾਤ 'ਚ ਰਾਣਾ ਦਾ ਮੁੱਦਾ ਵੀ ਅਹਿਮ ਹੋਵੇਗਾ। ਪਾਰਟੀ ਦੇ ਕੁਝ ਵੱਡੇ ਨੇਤਾਵਾਂ ਵੱਲੋਂ ਰਾਹੁਲ ਗਾਂਧੀ ਨੂੰ ਪਹਿਲਾਂ ਹੀ ਰਾਣਾ ਦੇ ਵਿਵਾਦ ਨੂੰ ਲੈ ਕੇ ਸਾਰੀ ਜਾਣਕਾਰੀ ਭੇਜੀ ਜਾ ਚੁੱਕੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਨੇ ਕੈਪਟਨ ਨੂੰ ਮੁਲਾਕਾਤ ਲਈ ਬੁਲਾਇਆ ਹੈ। ਇਹੀ ਕਾਰਨ ਹੈ ਕਿ ਕੈਪਟਨ ਨਾਲ ਮੁਲਾਕਾਤ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਪਾਰਟੀ ਪੱਧਰ ਤੋਂ ਰਾਣਾ ਦੇ ਵਿਵਾਦ ਨੂੰ ਲੈ ਕੇ ਆਪਣੇ ਸੰਪਰਕ ਸੂਤਰਾਂ ਦੇ ਜ਼ਰੀਏ ਸਾਰੀ ਰਿਪੋਰਟ ਇਕੱਠੀ ਕਰ ਲਈ ਹੈ। ਸ਼ੁੱਕਰਵਾਰ ਨੂੰ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਵੀ ਚੁੱਪਚਾਪ ਦਿੱਲੀ ਜਾਣਾ ਸੰਕੇਤ ਦੇ ਰਿਹਾ ਹੈ ਕਿ ਰਾਹੁਲ ਜਾਖੜ ਤੋਂ ਵੀ ਸਾਰੀਆਂ ਗੱਲਾਂ ਨੂੰ ਲੈ ਕੇ ਰਿਪੋਰਟ ਲੈਣ। ਹਾਲਾਂਕਿ ਜਾਖੜ ਅਤੇ ਰਾਹੁਲ ਗਾਂਧੀ ਦੀ ਮੁਲਾਕਾਤ ਦੇ ਬਾਰੇ ਜਾਣਕਾਰੀ ਲੈਣ ਲਈ ਜਾਖੜ ਫੋਨ 'ਤੇ ਉਪਲੱਬਧ ਨਹੀਂ ਸਨ। ਜਾਖੜ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਜਾਖੜ ਨਿੱਜੀ ਦੌਰੇ 'ਤੇ ਦਿੱਲੀ ਗਏ ਹਨ।
ਸੂਬੇ ਦੀ ਮੌਜੂਦਾ ਸਿਆਸਤ ਦੇ ਮੱਦੇਨਜ਼ਰ ਕੈਪਟਨ ਦਾ ਦਿੱਲੀ ਦੌਰਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਜੇਕਰ ਪਾਰਟੀ ਹਾਈ ਕਮਾਨ ਦਾ ਦਬਾਅ ਪੈਂਦਾ ਹੈ ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਕੈਪਟਨ ਨੂੰ ਮੰਤਰੀ ਮੰਡਲ ਤੋਂ ਰਾਣਾ ਦੀ ਛੁੱਟੀ ਕਰਨੀ ਪੈ ਸਕਦੀ ਹੈ। ਅਲੱਗ ਗੱਲ ਹੈ ਕਿ ਇਸ ਸਬੰਧ ਵਿਚ ਗਿਠਤ ਕੀਤੇ ਗਏ ਕਮਿਸ਼ਨ ਦੀ ਰਿਪੋਰਟ 'ਚ ਕਲੀਨ ਚਿੱਟ ਮਿਲਣ ਦੇ ਬਾਅਦ ਰਾਣਾ ਨੂੰ ਦੁਬਾਰਾ ਮੰਤਰੀ ਬਣਾ ਦਿੱਤਾ ਜਾਏ। ਫਿਲਹਾਲ ਕੈਪਟਨ ਅਤੇ ਰਾਹੁਲ ਦੀ ਮੁਲਾਕਾਤ 'ਚ ਮੰਤਰੀ ਮੰਡਲ ਵਿਸਥਾਰ ਅਤੇ ਰਾਣਾ ਦੇ ਮਾਮਲੇ 'ਚ ਫ਼ੈਸਲਾ ਹੋ ਸਕਦਾ ਹੈ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਪੰਜ ਗ੍ਰਾਮ ਹੈਰੋਇਨ ,19 ਕਿਲੋ ਡੋਡਿਆਂ ਅਤੇ 150 ਲੀਟਰ ਲਾਹਣ ਸਣੇ ਚਾਰ ਕਾਬੂ

ਵੱਟ ਪੋਚਣ ਦਾ ਦੇਸੀ ਜੁਗਾੜ ------